ਜੰਤਰ ਮੰਤਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੰਤਰ-ਮੰਤਰ : ਜੰਤਰ-ਮੰਤਰ ਇਕ ਪੁਰਾਤਨ ਖਗੋਲੀ ਪ੍ਰੇਖਣਸ਼ਾਲਾ ਹੈ ਜਿਹੜੀ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਹੈ। ਇਸ ਨੂੰ ਜੈਪੁਰ ਦੇ ਮਹਾਰਾਜਾ ਸਵਾਇ ਜੈ ਸਿੰਘ ਦੂਜੇ (1699-1743) ਨੇ ਬਣਵਾਇਆ ਸੀ। ਖਗੋਲ ਵਿਗਿਆਨ ਦੇ ਵਿਕਾਸ ਵਿਚ ਜੈ ਸਿੰਘ ਦੀ ਇਹ ਇਕ ਮੁੱਖ ਦੇਣ ਹੈ। ਜੈ ਸਿੰਘ ਇਕ ਚੰਗਾ ਖਗੋਲ-ਵਿਗਿਆਨੀ ਸੀ ਜਿਸ ਨੇ ਦਿੱਲੀ, ਉਜੈਨ, ਵਾਰਾਨਸੀ, ਜੈਪੁਰ ਅਤੇ ਮਥੁਰਾ ਵਿਚ ਪੰਜ ਖਗੋਲੀ ਪ੍ਰੇਖਣਸ਼ਾਲਾਵਾਂ ਸਥਾਪਿਤ ਕੀਤੀਆਂ।

          ਦਿੱਲੀ ਦੀ ਇਸ ਪ੍ਰੇਖਣਸ਼ਾਲਾ ‘ਜੰਤਰ-ਮੰਤਰ’ ਦੀ ਉਸਾਰੀ ਕਦੋਂ ਹੋਈ, ਇਸ ਬਾਰੇ ਕਾਫੀ ਮਤ-ਭੇਦ ਹਨ। ਪੰਡਤ ਗੋਕਲ ਚੰਦ ਅਨੁਸਾਰ ਇਸ ਦੀ ਉਸਾਰੀ 1710 ਈ. ਵਿਚ ਹੋਈ, ਜਦੋਂ ਕਿ ਸੱਯਦ ਅਹਿਮਦ ਖ਼ਾਨ ਨੇ ਇਸ ਦਾ ਸਮਾਂ 1724 ਈ: ਦੱਸਿਆ ਹੈ। ਸਵਾਇ ਜੈ ਸਿੰਘ ਨੇ ਉਸ ਸਮੇਂ ਵਰਤੀਆਂ ਜਾਂਦੀਆਂ ਖਗੋਲੀ ਸਾਰਣੀਆਂ ਵਿਚ ਤਰੁੱਟੀਆਂ ਦੂਰ ਕਰਕੇ ਨਵੀਆਂ ਸਾਰਣੀਆਂ ਤਿਆਰ ਕੀਤੀਆਂ, ਜਿਨ੍ਹਾਂ ਨੂੰ ਬਾਦਸ਼ਾਹ ਮੁਹੰਮਦ ਸ਼ਾਹ ਦੇ ਨਾਂ ਤੇ ‘ਜਿਜ ਮੁਹੰਮਦ ਸ਼ਾਹੀ’ ਆਖਿਆ ਜਾਂਦਾ ਹੈ। ਉਸ ਨੇ ਇਕ ਨਵੀਂ ਰਾਜਧਾਨੀ ਸਥਾਪਿਤ ਕੀਤੀ, ਜਿਸ ਦਾ ਨਾਂ ਜੈ ਨਗਰ ਜਾਂ ਜੈਪੁਰ ਰੱਖਿਆ ਗਿਆ। ਉਸ ਸਮੇਂ ਇਹ ਸ਼ਹਿਰ, ਗਿਆਨ ਪ੍ਰਾਪਤ ਕਰਨ ਦਾ ਇਕ ਚੰਗਾ ਕੇਂਦਰ ਬਣ ਚੁੱਕਾ ਸੀ।

          ਜੰਤਰ ਮੰਤਰ ਵਿਚ ਪੱਥਰ ਦੇ ਬਣੇ ਹੋਏ ਛੇ ਯੰਤਰ ਹਨ। ਜੈ ਸਿੰਘ ਨੇ ਪਿੱਤਲ ਦੇ ਬਣੇ ਹੋਏ ਯੰਤਰਾਂ ਦੀ ਥਾਂ ਇੱਟਾਂ ਪੱਥਰਾਂ ਦੇ ਵੱਡੇ ਵੱਡੇ ਯੰਤਰ ਬਣਵਾਏ, ਜਿਨ੍ਹਾਂ ਤੋਂ ਖਗੋਲੀ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਸੀ। ਇਨ੍ਹਾਂ ਯੰਤਰਾਂ ਦਾ ਆਕਾਰ ਵੱਖੋ ਵੱਖਰਾ ਹੈ। ਕਈ ਤਾਂ ਕੁਝ ਮੀ. ਉੱਚੇ ਹੀ ਹਨ ਅਤੇ ਕਈਆਂ ਦੀ ਉਚਾਈ ਲਗਭਗ 27.5 ਮੀ. (90 ਫੁਟ) ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਡਾ ‘ਸਮਰਾਟ ਯੰਤਰ’ ਹੈ। ਸਿਧਾਂਤੱਕ ਪਖੋਂ ਇਹ ਸਭ ਤੋਂ ਸਰਲ ਕਿਸਮ ਦੀਆਂ ਧੁੱਪ-ਘੜੀਆਂ ਵਿਚੋਂ ਇਕ ਹੈ। ਦੂਜਾ ਯੰਤਰ ‘ਜੈ ਪ੍ਰਕਾਸ਼’ ਹੈ, ਜਿਹੜਾ ਦੋ ਅਵਤਲ ਅਰਧ ਗੋਲਿਆਂ ਦਾ ਬਣਿਆ ਹੋਇਆ ਹੈ ਅਤੇ ਸਮਰਾਟ ਯੰਤਰ ਦੇ ਦੱਖਣ ਵੱਲ ਸਥਿਤ ਹੈ। ‘ਜੈ ਪ੍ਰਕਾਸ਼’ ਦੇ ਦੱਖਣ ਵਿਚ ‘ਰਾਮ ਯੰਤਰ’ ਹੈ, ਜਿਹੜਾ ਦੋ ਵੱਡੀਆਂ ਵੱਡੀਆਂ ਗੋਲਾਕਾਰ ਇਮਾਰਤਾਂ ਦਾ ਬਣਿਆ ਹੋਇਆ ਹੈ। ਇਹ ਇਮਾਰਤਾਂ ਇਕ ਦੂਜੇ ਦੀਆਂ ਪੂਰਕ ਹਨ। ਸਮਰਾਟ ਯੰਤਰ ਦੇ ਉੱਤਰ-ਪੱਛਮੀ ਭਾਗ ਵਿਚ ‘ਮਿਸਰ ਯੰਤਰ’ ਹੈ। ਇਸਨੂੰ ‘ਮਿਸਰ ਯੰਤਰ’ ਵੀ ਆਖਿਆ ਜਾਂਦਾ ਹੈ ਕਿਉਂਕਿ ਇਸ ਦੀ ਇਕੋ ਇਮਾਰਤ ਵਿਚ ਚਾਰ ਵੱਖੋ ਵੱਖਰੇ ਯੰਤਰ ਹਨ। ਇਨ੍ਹਾਂ ਵਿਚੋਂ ‘ਨਿਯਤ ਚੱਕਰ ਯੰਤਰ’ ਵੀ ‘ਸਮਰਾਟ ਯੰਤਰ’ ਵਾਂਗ ਇਕ ਧੁੱਪ-ਘੜੀ ਹੀ ਹੈ। ਇਸ ਦੇ ਦੋਵੇਂ ਪਾਸਿਆਂ ਤੇ ਦੋ ਦਰਜਿਆਂ ਵਿਚ ਵੰਡੇ ਹੋਏ ਅਰਧ-ਚੱਕਰ ਹਨ। ਇਨ੍ਹਾਂ ਨੂੰ ਮੈਰੀਡੀਅਨ ਉਚਾਈ ਮਾਪਣ ਲਈ ਵਰਤਿਆ ਜਾਂਦਾ ਹੈ। ਮਿਸ਼ਰ ਯੰਤਰ ਦੇ ਦੱਖਣ-ਪੱਛਮੀ ਪਾਸੇ ਵੱਲ ਸਥਿਤ ਦੋ ਥੰਮ੍ਹ ਸਾਲ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਦਿਨ ਪਤਾ ਕਰਨ ਵਿਚ ਮਦਦ ਕਰਦੇ ਹਨ। ਦਸੰਬਰ ਦੇ ਮਹੀਨੇ ਵਿਚ ਇਕ ਥੰਮ੍ਹ ਦਾ ਪਰਛਾਵਾਂ ਦੂਜੇ ਉਤੇ ਪੈਂਦਾ ਹੈ, ਜਦੋਂ ਕਿ ਜੂਨ ਵਿਚ ਇਹ ਪਰਛਾਵਾਂ ਨਹੀਂ ਪੈਂਦਾ।

          ਜੰਤਰ-ਮੰਤਰ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਨਵੰਬਰ, 1982 ਵਿਚ ਭਾਰਤ ਵਿਚ ਹੋਈਆਂ ਨੌਵੀਆਂ ਏਸ਼ੀਆਈ ਖੇਡਾਂ ਵਿਚ ਜੰਤਰ ਮੰਤਰ ਨੂੰ ਹੀ ਇਕ ਸਮਾਰਕ ਚਿੰਨ੍ਹ ਵਜੋਂ ਰੱਖਿਆ ਗਿਆ ਸੀ।

          ਹ. ਪੁ.––ਦਿੱਲੀ-ਹਿਸਟਰੀ ਐਂਡ ਪਲੇਸਿਜ਼ ਆਫ਼ ਇੰਟਰੈਸਟ : 151


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.